ਸਫ਼ਲਤਾ ਦਾ ਪਾਠ

ਇਮਰਾਨ ਨੇ ਬੜੇ ਜੋਸ਼ ਨਾਲ ਇੱਕ ਕਾਰੋਬਾਰ ਸ਼ੁਰੂ ਕੀਤਾ । ਪਰ ਪੰਜ ਛੇ ਮਹੀਨਿਆਂ ਬਾਅਦ ਵੱਡੇ ਘਾਟੇ ਕਾਰਨ ਉਸ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ। ਇਸ ਕਾਰਨ ਉਹ ਬਹੁਤ ਉਦਾਸ ਰਹਿਣ ਲੱਗਾ ਅਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਸ ਨੇ ਕੋਈ ਹੋਰ ਕੰਮ ਸ਼ੁਰੂ ਨਹੀਂ ਕੀਤਾ ।

ਇਮਰਾਨ ਦੀ ਇਸ ਪ੍ਰੇਸ਼ਾਨੀ ਦਾ ਪਤਾ ਪਰੈਸਰ ਕ੍ਰਿਸ਼ਨਨ ਨੂੰ ਲੱਗਾ ਜੋ ਪਹਿਲਾਂ ਕਦੇ ਉਸ ਨੂੰ ਪੜ੍ਹਾ ਚੁੱਕੇ ਸਨ। ਉਨ੍ਹਾਂ ਇਕ ਦਿਨ ਉਸ ਨੂੰ ਆਪਣੇ ਘਰ ਸੱਦ ਲਿਆ ਅਤੇ ਪੁੱਛਿਆ ਕੀ ਗੱਲ ਹੈ ਅੱਜ ਕੱਲ੍ਹ ਉਹ ਬੜਾ ਪਰੇਸ਼ਾਨ ਰਹਿੰਦਾ ਏ।
  "ਜੀ ਕੁੱਝ ਨਹੀਂ, ਬਸ ਮੈਂ ਇਕ ਕੰਮ ਸ਼ੁਰੂ ਕੀਤਾ ਸੀ ਪਰ ਮੈਂ ਜਿਸ ਤਰ੍ਹਾਂ  ਚਾਹੁੰਦਾ ਸੀ, ਉਸ ਤਰ੍ਹਾਂ ਦਾ ਨਤੀਜਾ ਨਹੀਂ ਆਇਆ ਅਤੇ ਮੈਨੂੰ ਕੰਮ ਬੰਦ ਕਰਨਾ ਪਿਆ । ਇਸ ਲਈ ਥੋੜ੍ਹਾ ਪ੍ਰੇਸ਼ਾਨ ਹਾਂ " ਇਮਰਾਨ ਨੇ ਕਿਹਾ।
  ਪ੍ਰੋਫੈਸਰ ਬੋਲੇ," ਇਹ ਤਾਂ ਹੁੰਦਾ ਹੀ ਰਹਿੰਦਾ ਹੈ, ਇਸ ਵਿਚ ਨਿਰਾਸ਼ ਹੋਣ ਦੀ ਕੀ ਲੋੜ ਹੈ?"
   ਇਮਰਾਨ ਖਿਝ ਕੇ ਬੋਲਿਆ,"ਪਰ ਮੈ ਇੰਨੀ ਜਿਆਦਾ ਮਿਹਨਤ ਕੀਤੀ ਸੀ, ਫਿਰ ਮੈਂ ਅਸਫਲ ਕਿਵੇਂ ਹੋ ਸਕਦਾ ਹਾਂ ?"
    ਪ੍ਰੋਫੈਸਰ ਕੁੱਝ ਦੇਰ ਸ਼ਾਤ ਰਹੇ , ਫਿਰ ਬੋਲੇ," ਇਮਰਾਨ, ਮੇਰੇ ਨਾਲ ਆ। ਟਮਾਟਰਾਂ ਦੇ ਇਸ ਮੁਰਝਾਏ ਹੋਏ ਬੂਟੇ ਨੂੰ ਦੇਖ ।"
  ਇਮਰਾਨ ਬੋਲਿਆ ," ਇਹ ਤਾਂ ਬੇਕਾਰ ਹੋ ਚੁੱਕਾ ਹੈ, ਇਸ ਨੂੰ ਦੇਖਣ ਦਾ ਕੀ ਫਾਇਦਾ?"
 ਪ੍ਰੋਫੈਸਰ ਬੋਲੇ,"ਮੈ ਜਦੋਂ ਇਸ ਨੂੰ ਬੀਜਿਆ ਸੀ ਤਾਂ ਹਰੇਕ ਉਹ ਚੀਜ਼ ਦਿੱਤੀ ਜੋਂ ਇਸ ਦੇ ਲਈ ਸਹੀ ਹੋਵੇ। ਮੈਂ ਇਸ ਨੂੰ ਪਾਣੀ ਦਿੱਤਾ, ਖਾਦ ਪਾਈ, ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਪਰ ਫੇਰ ਵੀ ਇਹ ਮੁਰਝਾ ਗਿਆ।"
   ਇਮਰਾਨ ਬੋਲਿਆ," ਤਾਂ ਕੀ?"
   ਪ੍ਰੋਫੈਸਰ ਨੇ ਸਮਝਾਇਆ," ਭਾਵੇਂ ਤੂੰ ਕਿੰਨੀ ਵੀ ਕੋਸ਼ਿਸ਼ ਕਰੇ ਪਰ ਅਖੀਰ ਵਿਚ ਜੋਂ ਹੁੰਦਾ ਹੈ, ਉਸ ਨੂੰ ਤੈਅ ਨਹੀਂ ਕਰ ਸਕਦਾ । ਬੱਸ ਉਨ੍ਹਾਂ ਹੀ ਚੀਜ਼ਾਂ 'ਤੇ ਕੰਟਰੋਲ ਕਰ ਸਕਦਾ ਏਂ ਜੋਂ ਤੇਰੇ ਹੱਥਾਂ ਵਿਚ ਹਨ। ਬਾਕੀ ਚੀਜ਼ਾਂ ਤੈਨੂੰ ਰੱਬ ਦੇ ਭਰੋਸੇ ਛੱਡ ਦੇਣੀਆ ਚਾਹੀਦੀਆਂ ਹਨ ।"
   ਇਮਰਾਨ ਬੋਲਿਆ, " ਤਾਂ ਫਿਰ ਜੇ ਕਾਮਯਾਬੀ ਦੀ ਗਾਰੰਟੀ ਨਹੀਂ ਹੈ ਤਾਂ ਕੋਸ਼ਿਸ਼ ਕਰਨ ਦਾ ਕੀ ਫਾਇਦਾ?" 
    ਪ੍ਰੋਫੈਸਰ ਬੋਲੇ," ਬਹੁਤ ਸਾਰੇ ਲੋਕ ਬਸ ਇਸੇ ਬਹਾਨੇ ਦਾ ਸਹਾਰਾ ਲੈ ਕੇ ਆਪਣੀ ਜ਼ਿੰਦਗੀ ਵਿਚ ਕੁੱਝ ਵੱਡਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।"
   ਇਮਰਾਨ ਬਾਹਰ ਜਾਣ ਲੱਗਾ ਤਾਂ ਪ੍ਰੋਫੈਸਰ ਬੋਲੇ," ਰੁਕ, ਜਾਣ ਤੋਂ ਪਹਿਲਾਂ ਜ਼ਰਾ ਇਸ ਦਰਵਾਜ਼ੇ ਨੂੰ ਖੋਲ ਕੇ ਤਾਂ ਦੇਖ।"
   ਪ੍ਰੋਫੈਸਰ ਨੇ ਇਕ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਇਮਰਾਨ ਨੇ ਦਰਵਾਜ਼ਾ ਖੋਲ੍ਹਿਆ । ਸਾਹਮਣੇ ਵੱਡੇ ਵੱਡੇ ਲਾਲ ਟਮਾਟਰਾਂ ਦਾ ਢੇਰ ਪਿਆ ਹੋਇਆ ਸੀ।
    "ਇਹ ਕਿੱਥੋਂ ਆ ਗਏ?" ਇਮਰਾਨ ਨੇ ਹੈਰਾਨੀ ਨਾਲ ਪੁੱਛਿਆ ।
   ਪ੍ਰੋਫੈਸਰ ਕਹਿਣ ਲੱਗੇ," ਬੇਸ਼ੱਕ ਟਮਾਟਰਾਂ ਦੇ ਸਾਰੇ ਬੂਟੇ ਨਹੀਂ ਮੁਰਝਾਏ ਸਨ। ਜੇ ਤੂੰ ਲਗਾਤਾਰ ਸਹੀ ਚੀਜਾਂ ਕਰਦਾ ਰਹੇ ਤਾਂ ਸਫ਼ਲਤਾ ਹਾਸਲ ਕਰਨ ਦਾ ਤੇਰਾ ਮੌਕਾ ਬਹੁਤ ਵੱਧ ਜਾਂਦਾ ਹੈ।"।        ਇਮਰਾਨ ਹੁਣ ਸਫ਼ਲਤਾ ਦਾ ਪਾਠ ਪੜ੍ਹ ਚੁੱਕਾ ਸੀ। ਉਹ ਸਮਝ ਗਿਆ ਕਿ ਉਸ ਨੇ ਹੁਣ ਕੀ ਕਰਨਾ ਹੈ। ਉਹ ਨਵੇਂ ਜੋਸ਼ ਨਾਲ ਬਾਹਰ ਨਿਕਲ ਪਿਆ।

Comments

Popular posts from this blog

love life

ਤੁਸੀਂ ਰੱਬ ਕੋਲੋਂ ਕੀ ਮੰਗਦੇ ਹੋ ?

zindgi ਜ਼ਿੰਦਗੀ